Tuesday 21 April 2009

ਆਜਾ ਵੇ ਸ਼ਾਮਾ ਪੈ ਗਈਆਂ

ਦਿਲ ਦੇ ਬਨੇਰੇ ਖੜੀ ਉਡੀਕਾਂ, , ਥੱਕ ਗਈ ਪੁੱਛ-ਪੁੱਛ ਰਾਈਆਂ
ਮੁੜਨੇ ਵਾਲੇ ਘਰ ਨੂੰ ਆ ਗਏ , ਤੂੰ ਕਿਧਰੇ ਮੇਰੇ ਸਾਈਆਂ
ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ

ਪਾ ਕੇ ਮੁਹੱਬਤ ਦੀ ਰੀਤ ਤੂ ਸੱਜਣਾ , ਭੁੱਲ ਕੇ ਬਹਿ ਗਿਆ ਮੀਤ ਤੂ ਸੱਜਣਾ
ਚਾਉਣ ਵਾਲਿਆਂ ਕੀ ਕੀ ਚਾਹਿਆ , ਸਾਨੂੰ ਤੇਰੀ ਪ੍ਰੀਤ ਵੇ ਸੱਜਣਾ
ਪੰਛੀ ਮੁੜ‌ ਮੁੜ ਦੇਸ ਨੂੰ ਆਉਂਦੇ , ਤੂੰ ਕਿਹੜੇ ਪ੍ਰਦੇਸ ਵੇ ਸਾਈਂਆਂ
ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ

ਦਿਨ ਵੀ ਲੱਗਣ ਤੇਰੇ ਬਾਝ ਹਨੇਰੇ , ਜਿੰਦ ਨੂੰ ਲਾਗਿਆਂ ਕਿਹੜੇ – ਝੇੜੇ
ਮੌਤ ਚੰਗੀ ਏਸ ਜੀਣੇ ਨਾਲੋਂ , ਗ਼ਮ ਨਾ ਜਾਂਦੇ ਹੋਰ ਸਹੇੜੇ
ਸਾਡਾ ਮਰਨਾ ਜੀਣਾ ਬਣ ਜਾਏ , ਤੂੰ ਪਾਵੇਂ ਜੇ ਖੇ਼ਸ ਵੇ ਸਾਈਂਆਂ
ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ

ਅੱਜ ਰਾਂਝਿਆ ਜੇ ਗੱਲ ਨਾ ਗੌਲੀ , ਭਲ੍ ਕੇ ਖੇੜਿਆਂ ਲੈ ਜਾਣੀ ਡੋਲੀ
ਹਸ਼ਰ ਦਿਹਾੜੇ ਕੌਣ ਮਿਲੇ ਫਿਰ , ਐਵੇ ਲੋਕੀ ਮਾਰਨ ਬੋਲੀ
ਮੰਨਿਆ ਚੋਧਰੀ ਤਖ਼ਤ ਹਜ਼ਾਰੇ ਦਾ , ਆਜਾ ਬਦਲ ਲੈ ਭੇਸ ਵੇ ਸਾਈਂਆਂ
ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ

ਦਿਨ ਢਲਦਾ ਦੇਖ ਦਿਲ ਪਿਆ ਡਰਦਾ , ਖ਼ਬਰੇ ਕਿਉਂ ਜੀ ਰੋਣ ਨੂੰ ਕਰਦਾ
ਇਉਂ ਲੱਗੇ ਜਿਉਂ ਚੇਤ ਮਹੀਨੇ , ਪੱਕੀ ਫਸਲੇ ਮੀਂਹ ਪਿਆ ਵਰਦਾ
ਜਿਉਂਦੇ ਜੀ ਸਭ ਮੇਲੇ - ਖੇਲੇ , ਕੱਲ ਦਾ ਕੀ ਭਰਵੇਸ ਵੇ ਸਾਈਂਆਂ
ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ

ਕਈ ਸੋਹਣੀਆ ਕਈ ਸੱਸੀਆਂ ਰੁਲੀਆਂ , ਸਾਹਿਬਾ ਕਈ ਰਾਹ ਇਸ਼ਕ ਦੇ ਭੁਲੀਆਂ
ਸ਼ਰੀ - ਫਰਹਾਦ ਨਾ ਮਿਲਦੇ ਇਥੇ , ਲੈਲਾ ਰੁਲਦੀ ਜ਼ੁਲਫ਼ਾ ਖੁਲੀਆ
ਮੇਰਾ ਮਜਨੂੰ ਰਾਂਝਾ ਤੂੰ ਏ , ਤੂੰ ਮੇਰਾ ਦਰਵੇਸ਼ ਵੇ ਸਾਈਂਆਂ
ਆਜਾ ਵੇ ਸ਼ਾਮਾ ਪੈ ਗਈਆਂ , ਆਜਾ ਵੇ ਸ਼ਾਮਾ ਪੈ ਗਈਆਂ..
ਲੇਖਕ : ਦਲਜੀਤ ਹੰਸ (ਰਾਂਝਾ)